Wednesday, March 4, 2009

ਸੁਖਿੰਦਰ - ਨਜ਼ਮ

ਧੀਆਂ ਨੂੰ ਹੱਸਣ ਦਿਓ...

ਨਜ਼ਮ

ਧੀਆਂ ਨੂੰ ਹੱਸਣ ਦਿਓ-

ਹੱਸਦੀਆਂ ਹੀ ਚੰਗੀਆਂ ਲੱਗਦੀਆਂ ਨੇ ਉਹ

ਹੱਸਦੀਆਂ ਧੀਆਂ ਨੂੰ ਦੇਖ ਯਾਦ ਆਵੇਗਾ

ਚਿੜੀਆਂ ਦਾ ਚਹਿਕਣਾ

ਚਿੜੀਆਂ ਦੇ ਚਹਿਕਣ ਨਾਲ ਯਾਦ ਆਵੇਗੀ

ਸਵੇਰ ਦੀ ਤਾਜ਼ਗੀ

ਸਵੇਰ ਦੀ ਤਾਜ਼ਗੀ ਨਾਲ ਯਾਦ ਆਵੇਗਾ

ਫੁੱਲਾਂ ਦਾ ਖਿੜਨਾ

ਫੁੱਲਾਂ ਦੇ ਖਿੜਨ ਨਾਲ ਯਾਦ ਆਵੇਗੀ

ਚੌਗਿਰਦੇ ਚ ਫੈਲੀ ਮਹਿਕ

ਮਹਿਕ ਨਾਲ ਯਾਦ ਆਵੇਗਾ

ਤੁਹਾਨੂੰ ਆਪਣਾ ਹੀ ਹਸੂੰ ਹਸੂੰ ਕਰਦਾ ਚਿਹਰਾ

ਹਸੂੰ ਹਸੂੰ ਕਰਦੇ ਚਿਹਰੇ ਨਾਲ ਯਾਦ ਆਵੇਗਾ

ਕਿੰਨ੍ਹੇ ਹੀ ਖੁਸ਼ਗਵਾਰ ਮੌਸਮਾਂ ਦਾ ਇਤਿਹਾਸ

....................................

ਧੀਆਂ ਨੂੰ ਹੱਸਣ ਦਿਓ-

ਹੱਸਦੀਆਂ ਹੀ ਚੰਗੀਆਂ ਲੱਗਦੀਆਂ ਨੇ ਉਹ

ਹੱਸਣ ਦਿਓ, ਉਨ੍ਹਾਂ ਨੂੰ-

ਘਰਾਂ, ਬਾਜ਼ਾਰਾਂ, ਚੌਰਸਤਿਆਂ ਵਿੱਚ

ਸਕੂਲਾਂ, ਕਾਲਜਾਂ, ਵਿਸ਼ਵਵਿਦਿਆਲਿਆਂ ਵਿੱਚ

..........................

ਹੱਸਣ ਦਿਓ, ਉਨ੍ਹਾਂ ਨੂੰ-

ਮੈਗਜ਼ੀਨਾਂ, ਅਖਬਾਰਾਂ, ਕਿਤਾਬਾਂ ਦੇ ਪੰਨਿਆਂ ਉੱਤੇ

ਰੇਡੀਓ ਦੀਆਂ ਖ਼ਬਰਾਂ ਵਿੱਚ

ਟੈਲੀਵੀਜ਼ਨਾਂ ਦੇ ਸਕਰੀਨਾਂ ਉੱਤੇ

..................................

ਹੱਸਣ ਦਿਓ, ਉਨ੍ਹਾਂ ਨੂੰ-

ਕਵਿਤਾਵਾਂ, ਕਹਾਣੀਆਂ, ਨਾਵਲਾਂ, ਨਾਟਕਾਂ ਵਿੱਚ

ਸ਼ਬਦਾਂ, ਵਾਕਾਂ, ਅਰਥਾਂ ਵਿੱਚ

.......................

ਹੱਸਣ ਦਿਓ ਉਨ੍ਹਾਂ ਨੂੰ-

ਇਕਾਂਤ ਵਿੱਚ

ਮਹਿਫ਼ਲਾਂ ਵਿੱਚ

.......................

ਹੱਸਣ ਦਿਓ, ਉਨ੍ਹਾਂ ਨੂੰ-

ਬਹਿਸਾਂ ਵਿੱਚ

ਮੁਲਾਕਾਤਾਂ ਵਿੱਚ

...................

ਹੱਸਣ ਦਿਓ, ਉਨ੍ਹਾਂ ਨੂੰ-

ਸਾਜ਼ਾਂ ਵਿੱਚ

ਆਵਾਜ਼ਾਂ ਵਿੱਚ

......................

ਹੱਸਣ ਦਿਓ, ਉਨ੍ਹਾਂ ਨੂੰ-

ਸ਼ਬਦਾਂ ਦੀਆਂ ਧੁਨੀਆਂ ਵਿੱਚ

ਗਾਇਕਾਂ ਦਿਆਂ ਅਲਾਪਾਂ ਵਿੱਚ

........................

ਧੀਆਂ ਨੂੰ ਹੱਸਣ ਦਿਓ-

ਹੱਸਦੀਆਂ ਹੀ ਚੰਗੀਆਂ ਲੱਗਦੀਆਂ ਨੇ ਉਹ

ਸਦੀਆਂ ਤੋਂ ਉਨ੍ਹਾਂ ਦੇ ਮਨਾਂ ਅੰਦਰ

ਕੈਦ ਹੋਏ ਪਰਿੰਦਿਆਂ ਨੂੰ ਉੱਡਣ ਦਿਓ

ਖੁੱਲ੍ਹੇ ਆਸਮਾਨਾਂ, ਖੁੱਲ੍ਹੀਆਂ ਹਵਾਵਾਂ ਵਿੱਚ

ਪੂਰਬ ਤੋਂ ਪੱਛਮ,

ਉੱਤਰ ਤੋਂ ਦੱਖਣ ਤੱਕ ਉੱਡਣ ਦਿਓ

....................

ਧੀਆਂ ਘਰਾਂ ਦੀ ਖੁਸ਼ਬੋ ਹੁੰਦੀਆਂ

ਧੀਆਂ ਦੇ ਹਾਸੇ ਨਾਲ ਘਰ ਮਹਿਕ ਉੱਠਣ

ਧੀਆਂ ਦੇ ਚਹਿਕਣ ਨਾਲ

ਉਦਾਸੇ ਚਿਹਰਿਆਂ ਉੱਤੇ

ਰੌਣਕ ਪਰਤ ਆਉਂਦੀ ਹੈ

........................

ਧਰਮਾਂ, ਸਭਿਆਚਾਰਾਂ ਦੀਆਂ ਸਮਾਂ ਵਿਹਾ ਚੁੱਕੀਆਂ

ਸੜਿਆਂਦ ਮਾਰਦੀਆਂ,

ਮਨੁੱਖੀ ਚੇਤਨਾ ਉੱਤੇ ਵਾਧੂ ਭਾਰ ਬਣੀਆਂ

ਕਦਰਾਂ-ਕੀਮਤਾਂ ਦੀ, ਮਾਨਸਿਕ ਕੈਦ ਵਿੱਚ ਜਕੜੇ

ਗੱਲ ਗੱਲ ਉੱਤੇ, ਕੋਬਰਾ ਸੱਪਾਂ ਵਾਂਗ ਫੰਨ ਫੈਲਾਈ

ਮੂੰਹਾਂ ਚੋਂ ਜ਼ਹਿਰ ਦੀਆਂ ਪਿਚਕਾਰੀਆਂ ਮਾਰਦੇ

ਮਨੁੱਖੀ ਭਾਵਨਾਵਾਂ, ਅਹਿਸਾਸਾਂ ਤੋਂ ਖਾਲੀ

ਧੀਆਂ ਦੇ ਹਾਸਿਆਂ ਨੂੰ ਕ਼ਤਲ ਕਰਨ ਵਾਲੇ

ਧਰਤੀ ਉੱਤੇ, ਮਨੁੱਖੀ ਜਾਮਿਆਂ

ਤੁਰੇ ਫਿਰਦੇ ਲੋਕ

ਹਕੀਕਤ ਵਿੱਚ-

ਹੈਵਾਨੀਅਤ ਦੀ ਤਸਵੀਰ ਬਣੇ

ਪੱਥਰਾਂ ਦੇ ਬੁੱਤ ਹੁੰਦੇ ਹਨ।